Wednesday, March 12, 2014

ਗੁਰੂ ਨਾਨਕ ਸਾਹਿਬ ਸਬੰਧੀ ਪ੍ਰਚਲੱਤ ਕੁਝ ਸਾਖੀਆਂ ਦਾ ਸੱਚੋ ਸੱਚ (ਡਾਕਟਰ ਹਰਜਿੰਦਰ ਸਿੰਘ ਦਿਲਗੀਰ)

ਗੁਰੂ ਨਾਨਕ ਸਾਹਿਬ ਸਬੰਧੀ ਪ੍ਰਚਲੱਤ ਕੁਝ ਸਾਖੀਆਂ ਦਾ ਸੱਚੋ ਸੱਚ (ਡਾਕਟਰ ਹਰਜਿੰਦਰ ਸਿੰਘ ਦਿਲਗੀਰ)


ਗੁਰੂ ਨਾਨਕ ਸਾਹਿਬ ਸਬੰਧੀ ਪ੍ਰਚਲੱਤ ਕੁਝ ਸਾਖੀਆਂ ਦਾ ਸੱਚੋ ਸੱਚ

(ਡਾਕਟਰ ਹਰਜਿੰਦਰ ਸਿੰਘ ਦਿਲਗੀਰ)


ਸਿੱਖ ਤਵਾਰੀਖ਼ ਵਿਚ ਬਹੁਤ ਕੁਝ ਰਲ-ਗੱਡ ਹੋਇਆ ਹੋਇਆ ਹੈ; ਕੁਝ ਕੱਚ ਹੈ, ਕੁਝ ਝੂਠ ਹੈ, ਕੁਝ ਮੈਲ ਹੈ, ਕੁਝ ਮੁਲੰਮਾ ਹੈ, ਕੁਝ ਅਗਿਆਨਤਾ ਤੇ ਬੇਸਮਝੀ ਹੈ ਤੇ ਕੁਝ ਸ਼ਰਧਾ ਨਾਲ ਕੀਤੀ ਮਿਲਾਵਟ ਹੈ, ਅਤੇ, ਕੁਝ ਬੇਈਮਾਨੀ ਨਾਲ ਕੀਤੀ ਸ਼ਰਾਰਤ ਹੈ। ਦੁਸ਼ਮਣਾਂ ਨੇ ਬਦ ਨੀਅਤੀ ਨਾਲ ਸਿੱਖ ਫ਼ਲਸਫ਼ੇ ਦੇ ਉਲਟ ਸਾਜ਼ਸ਼ੀ ਕਹਾਣੀਆਂ, ਗੱਪਾਂ ਤੇ ਕਰਾਮਾਤਾਂ ਆਪਣੀ ਲਿਖੀ ਸਿੱਖ ਤਵਾਰੀਖ਼ ਵਿਚ ਸ਼ਾਮਿਲ ਕਰ ਦਿੱਤੀਆਂ; ਕੁਝ ਅਗਿਆਨੀਆਂ ਨੇ ਤਵਾਰੀਖ਼ ਲਿਖਣ ਵੇਲੇ ਇਨ੍ਹਾਂ ਗੱਪ ਕਹਾਣੀਆਂ ਤੇ ਗ਼ਲਤ ਬਿਆਨੀਆਂ ਵਿਚੋਂ ਕੁਝ ਨੂੰ ਕਬੂਲ ਕਰ ਲਿਆ ਅਤੇ ਨਾਲ ਹੀ ਹੋਰ ਨਵੀਆਂ ਵੀ ਆਪਣੀਆਂ ਲਿਖਤਾਂ ਵਿਚ ਜੜ ਦਿੱਤੀਆਂ। ਕੁਝ ਲੇਖਕਾਂ ਨੂੰ ਜਦ ਕਿਸੇ ਘਟਨਾ ਬਾਰੇ ਤਫ਼ਸੀਲ ਨਾ ਮਿਲੀ ਜਾਂ ਕਿਸੇ ਸਮੇਂ ਦੀ ਤਵਾਰੀਖ਼ ਨਾ ਮਿਲੀ ਤਾਂ ਉਨ੍ਹਾਂ ਨੇ ਕੋਲੋਂ ਗੱਪਾਂ ਘੜ ਲਈਆਂ। ਕੁਝ ਸ਼ਰਧਾ ਵਾਲਿਆਂ ਨੇ ਕਵਿਤਾਵਾਂ ਵਿਚ ਗੁਰੂ ਸਾਹਿਬਾਨ ਬਾਰੇ (ਤੇ ਸ਼ਹੀਦਾਂ ਬਾਰੇ ਵੀ) ਵਧਾ ਚੜ੍ਹਾ ਕੇ ਪੇਸ਼ ਕੀਤਾ ਤੇ ਕੁਝ ਲੇਖਕਾਂ ਨੇ ਮਗਰੋਂ ਉਨ੍ਹਾਂ ਨੂੰ ਤਵਾਰੀਖ਼ ਮੰਨ ਕੇ ਮੁਬਲਾਗਾ (ਅਤਿਕਥਨੀ) ਭਰੀਆਂ ਕਹਾਣੀਆਂ ਘੜ ਕੇ ਆਪਣੀਆਂ ਲਿਖਤਾਂ ਵਿਚ ਜੋੜ ਦਿੱਤੀਆਂ।

ਇਸ ਕਰ ਕੇ ਸਿਰਫ਼ 500 ਸਾਲ ਪੁਰਾਣੀ ਤਵਾਰੀਖ਼ ਨਾਲ ਕਈ ਵਾਰ, ਲਗਾਤਾਰ ਅਤੇ ਵਾਰ-ਵਾਰ ਜਬਰ ਜ਼ਨਾਹ ਹੋਇਆ। ਨਤੀਜੇ ਦੇ ਤੌਰ ‘ਤੇ ਅੱਜ ਸਿੱਖ ਤਵਾਰੀਖ਼ ਦਾ ਸਰੂਪ ਬੁਰੀ ਤਰ੍ਹਾਂ ਵਿਗੜਿਆ ਪਿਆ ਹੈ। ਪਰ, ਜਦ ਕੋਈ ਇਸ ਮਿਲਾਵਟ, ਖੋਟ, ਮੈਲ, ਕੱਚ, ਝੂਠ, ਸਾਜ਼ਸ਼ੀ ਮੁਲੱਮੇ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੁਝ ਅਗਿਆਨੀ ਅਤੇ ਸ਼ਰਧਾ ਦੇ ਮੁਖੌਟੇ ਵਾਲੇ ਬੂਝੜ ਉਸ ਖੋਜੀ ਦੇ ਖ਼ਿਲਾਫ਼ ਡਾਂਗ ਚੁੱਕ ਲੈਂਦੇ ਹਨ। ਇਸ ਬੁਰਛਾਗਰਦ ਮਾਹੌਲ ਦੇ ਬਾਵਜੂਦ ਗੁਰੂ ਦੇ ਕੁਝ ਦਲੇਰ ਬੱਚੇ ਡੱਟ ਕੇ ਗੱਲ ਕਰਦੇ ਹਨ ਤੇ ਕੂੜ ਦਾ ਮੁਲੰਮਾ ਲਾਹੁਣ ਦੀ ਕੋਸ਼ਿਸ਼ ਕਰਦੇ ਹਨ। ਹੇਠਲੀ ਲਿਖਤ ਵਿਚ ਗੁਰੂ ਨਾਨਕ ਸਾਹਿਬ ਦੀ ਤਵਾਰੀਖ਼ ਸਬੰਧੀ ਘੜੀਆਂ ਗਈਆਂ ਕੁਝ ਗ਼ਲਤ ਘਾੜਤਾਂ ਬਾਰੇ ਵਿਚਾਰ ਕੀਤੀ ਗਈ ਹੈ:


1. ਸੱਚਾ ਸੌਦਾ ਦਾ ਸੱਚੋ ਸੱਚ

ਗੁਰੂ ਨਾਨਕ ਸਾਹਿਬ ਬਾਰੇ ਪ੍ਰਚਲਤ ਇਕ ਸਾਖੀ ਮੁਤਾਬਿਕ, ਇਕ ਵਾਰ ਆਪ ਦੇ ਪਿਤਾ ਨੇ ਆਪ ਨੂੰ ਵਪਾਰ ਵਿਚ ਲਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਸਾਖੀ ਮੁਤਾਬਿਕ ਆਪ ਦੇ ਪਿਤਾ ਨੇ ਆਪ ਨੂੰ 20 ਰੁਪਏ ਦੇ ਕੇ ਵਪਾਰ ਸ਼ੁਰੂ ਕਰਵਾ ਦਿਤਾ। ਸਾਖੀ ਮੁਤਾਬਿਕ ਗੁਰੂ ਸਾਹਿਬ ਨੇ ਉਹ 20 ਰੁਪਏ ਭੁੱਖੇ ਸਾਧੂਆਂ ਨੂੰ ਰੋਟੀ ਖੁਆਉਣ ’ਤੇ ਖਰਚ ਕਰ ਦਿੱਤੇ। ਇਹ ਕਹਾਣੀ ਸਹੀ ਨਹੀਂ ਹੋ ਸਕਦੀ ਕਿਉਂ ਕਿ 1. ਉਨ੍ਹਾਂ ਦਿਨਾਂ ਵਿਚ 20 ਰੁਪਈਆਂ ਨਾਲ ਕੁਝ ਕੁ ਸਾਧੂ ਨਹੀਂ ਬਲਕਿ ਹਜ਼ਾਰਾਂ ਬੰਦੇ ਰੋਟੀ ਖਾ ਸਕਦੇ ਸਨ। 2. ਗੁਰੂ ਸਾਹਿਬ ਵਿਹਲੜਾਂ ਵਾਸਤੇ ਪੈਸੇ ਖ਼ਰਚ ਕਰਨ ਦਾ ਫ਼ਲਸਫ਼ਾ ਨਹੀਂ ਸਨ ਪਰਚਾਰ ਸਕਦੇ। ਹਾਂ ਇਹ ਤਾਂ ਹੋ ਸਕਦਾ ਹੈ ਕਿ ਆਪ ਆਪਣੀ ਕਾਮਈ ਦੇ ਦਸਵੰਧ ਨੂੰ ਦਰਵੇਸ਼ਾਂ ਅਤੇ ਵਿਦਵਾਨਾਂ ਨੂੰ ਖਾਣਾ ਖੁਆਉਣ ‘ਤੇ ਖ਼ਰਚ ਕਰਦੇ ਰਹਿੰਦੇ ਹੋਣਗੇ ਕਿਉਂ ਕਿ ਉਹ ਆਲਮ-ਫ਼ਾਜ਼ਲਾਂ ਨਾਲ ਅਕਸਰ ਉਨ੍ਹਾਂ ਨਾਲ ਫ਼ਲਸਫ਼ੇ ਦੇ ਨੁਕਤਿਆਂ ’ਤੇ ਵਿਚਾਰਾਂ ਕਰਦੇ ਰਹਿੰਦੇ ਸਨ। ਗੁਰੂ ਸਾਹਿਬਾਨ ਨੇ ਆਪਣੀ ਆਮਦਨ ਦੇ ਦਸਵੰਧ ਚੋਂ ਕਈ ਵਾਰ ਉਨ੍ਹਾਂ ਨੂੰ ਰੋਟੀ ਖੁਆਈ ਹੋਵੇਗੀ ਅਤੇ ਉਨ੍ਹਾਂ ਨਾਲ ਧਰਮ ਤੇ ਫ਼ਲਸਫ਼ੇ ਦੀ ਚਰਚਾ ਕੀਤੀ ਹੋਵੇਗੀ।ਇਹ ਸਾਖੀ ਮਿਹਰਬਾਨ ਵਾਲੀ ਜਨਮਸਾਖੀ, ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ (ਦਰਅਸਲ ਸਰੂਪ ਸਿੰਘ ਨਿਰਮਲਾ ਦੀ ਲਿਖੀ) ਤੇ ਵਿਲਾਇਤ ਵਾਲੀ ਜਨਮਸਾਖੀ ਜਾਂ ਕਿਸੇ ਵੀ ਪੁਰਾਣੇ ਸੋਮੇ ਵਿਚ ਨਹੀਂ ਹੈ। ਇਹ ਸਾਖੀ ਸਿਰਫ਼ ਬਾਲੇ ਵਾਲੀ ਜਨਮਸਾਖੀ ਵਿਚ ਮਿਲਦੀ ਹੈ ਤੇ ਇਸ ਵਿਚ ਗੁਰੂ ਜੀ ਨੂੰ ਆਪਣੀ ਗੜਵੀ ਅਤੇ ਮੁੰਦੀ ਦਾਨ ਕਰਦੇ ਵੀ ਦਿਖਾਇਆ ਗਿਆ ਹੈ।

ਅਸਲ ਸਾਖੀ ਇਹ ਹੈ:
ਇਕ ਵਾਰ ਗੁਰੂ ਨਾਨਕ ਸਾਹਿਬ ਇਕ ਪੁਰਾਣੇ ਸਾਥੀ ਦੇ ਸੱਦੇ ‘ਤੇ ਕਰਤਾਰਪੁਰ ਤੋਂ ਚੂਹੜਕਾਣਾ ਗਏ। ਉਹ ਸੁਲਤਾਨਪੁਰ ਲੋਧੀ ਵਿਚ ਦੌਲਤ ਰਾਏ ਦੇ ਮੋਦੀਖਾਨੇ ਵਿਚ ਗੁਰੂ ਸਾਹਿਬ ਨਾਲ ਸੇਵਾ ਕਰਿਆ ਕਰਦਾ ਸੀ। ਉਹ ਗੁਰੂ ਸਾਹਿਬ ਨੂੰ ਮਿਲ ਕੇ ਬੜਾ ਖ਼ੁਸ਼ ਹੋਇਆ। ਦੋਵੇਂ ਹੀ ਸੁਲਤਾਨਪੁਰ ’ਚ ਬਿਤਾਏ ਦਿਨਾਂ ਅਤੇ ਉਥੋਂ ਦੇ ਸਾਥੀਆਂ ਬਾਰੇ ਗੱਲਾਂ ਕਰਦੇ ਰਹੇ। ਗੱਲਾਂ ਹੀ ਗੱਲਾਂ ਵਿਚ ਉਸ ਨੇ ਗੁਰੂ ਸਾਹਿਬ ਨੂੰ ਪੁੱਛਿਆਾ ਕਿ ਜਦੋਂ ਕੋਈ ਵਪਾਰੀ ਘਰੋਂ ਨਿਕਲਦਾ ਹੈ ਅਤੇ ਕਮਾਈ ਕਰ ਕੇ ਘਰ ਮੁੜਦਾ ਹੈ ਤਾਂ ਉਹ ਆਪਣੇ ਸੱਜਣਾਂ ਨੂੰ ਦਸਦਾ ਹੈ ਕਿ ਉਸ ਨੇ ਕਿੰਞ, ਕਿੱਥੋਂ ਤੇ ਕੀ-ਕੀ ਮਾਲ ਖਰੀਦਿਆ ਅਤੇ ਉਸ ਵਿਚੋਂ ਕਿੰਞ ਤੇ ਉਸ ਨੂੰ ਇਸ ਸੌਦੇ ਵਿਚੋਂ ਕਿੰਨਾ ਮੁਨਾਫ਼ਾ ਹੋਇਆ। ਉਸ ਨੇ ਗੁਰੂ ਸਾਹਿਬ ਤੋਂ ਪੁਛਿਆ ਕਿ “ਗੁਰੂ ਸਾਹਿਬ ਤੁਹਾਡਾ ਦੁਨੀਆਂ ਵਿਚ ਏਨਾ ਨਾਂ ਹੈ। ਤੁਸੀਂ ਕਿਹੜਾ ਵਪਾਰ ਤੇ ਸੌਦਾ ਕੀਤਾ ਜਿਸ ਨਾਲ ਤੁਸੀਂ ਏਨੀ ਮਹਿਮਾ ਖੱਟੀ ਹੈ?” ਗੁਰੂ ਸਾਹਿਬ ਨੇ ਉਸ ਨੂੰ ਦੱਸਿਆ ਕਿ “ਮੇਰਾ ਵਣਜ ਤਾਂ ਵਾਹਿਗੁਰੂ ਨਾਲ ਪਿਆਰ ਸੀ ਤੇ ਵਾਹਿਗੁਰੂ ਦੀ ਮਿਹਰ ਨਾਲ ਹੀ ਮੇਰੀ ਪਛਾਣ ਹੈ। ਮੇਰਾ ਆਪਣਾ ਨਾਂ ਤਾਂ ਕੁਝ ਵੀ ਨਹੀਂ। ਵਾਹਿਗੁਰੂ ਦਾ ਨਾਂ ਜਪਣਾ ਹੀ ਅਸਲ ਵਪਾਰ ਹੈ ਤੇ ਇਹੀ ‘ਸੱਚਾ ਸੌਦਾ’ ਹੈ। ‘ਸਚਿਆਰ’ ਦੀ ਜ਼ਿੰਦਗੀ ਜੀਣਾ ਹੀ ਇਨਸਾਨ ਦੀ ਜ਼ਿੰਦਗੀ ਦਾ ਅਸਲ ਮਕਸਦ ਹੈ।” ਜਿਸ ਜਗਹ ਗੁਰੂ ਨਾਨਕ ਸਾਹਿਬ ਨੇ ਇਹ “ਸੱਚਾ ਸੌਦਾ” ਕੀਤਾ ਸੀ (ਜਾਂ ਵਪਾਰ ਕਰਦੇ ਹੁੰਦੇ ਸਨ) ਉੱਥੇ ਅਜ ਕਲ੍ਹ ਗੁਰਦੁਆਰਾ ਸੱਚਾ ਸੌਦਾ” ਬਣਿਆ ਹੋਇਆ ਹੈ। ਇਹ ਜਗਹ ਕਸਬਾ ਚੂਹੜਕਾਣਾ, ਪਾਕਿਸਤਾਨ, ਵਿਚ ਹੈ।

2. ਗੁਰਦੁਆਰਾ ਰੀਠਾ ਸਾਹਿਬ ਦਾ ਸੱਚੋ ਸੱਚ

1507 ਵਿਚ ਉਤਰਾਖੰਡ ਦੀ ਫੇਰੀ ਦੌਰਾਨ ਗੁਰੂ ਨਾਨਕ ਸਾਹਿਬ ਹਰਦੁਆਰ, ਰਿਸ਼ੀਕੇਸ਼ ਤੇ ਸ੍ਰੀ ਨਗਰ (ਗੜ੍ਹਵਾਲ) ਗਏ। ਸ੍ਰੀਨਗਰ ਤੋਂ ਆਪ ਕਰਨਪ੍ਰਯਾਗ (42 ਕਿਲੋਮੀਟਰ) ਪੁੱਜੇ। ਇੱਥੇ ਪੜਾਅ ਕਰਨ ਮਗਰੋਂ ਆਪ ਬਾਗੇਸ਼ਵਰ (68 ਕਿਲੋਮੀਟਰ ਦੂਰ) ਗਏ। ਬਾਗੇਸ਼ਵਰ ਵਿਚ ਸਰਯੂ ਤੇ ਗੋਮਤੀ ਨਦੀਆਂ ਦਾ ਸੰਗਮ ਹੈ।ਇੱਥੇ ਵੀ ਗੁਰੂ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ, ਜੋ ਸਰਯੂ ਨਦੀ ਦੇ ਕੰਢੇ ‘ਤੇ ਹੈ। ਇੱਥੋਂ ਆਪ ਅਲਮੋੜਾ (70 ਕਿਲੋਮੀਟਰ ਦੂਰ) ਗਏ। ਕਦੇ ਇੱਥੇ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਮਹੱਲਾ ਟਮਟਾ ਵਿਚ, ਅਲਮੋੜਾ ਥਾਣਾ ਦੇ ਬਿਲਕੁਲ ਨੇੜੇ, ਇਕ ਮੰਜੀ ਸਾਹਿਬ ਹੁੰਦਾ ਸੀ; ਪਰ ਹੁਣ ਉਹ ਇਕ ਖੋਲਾ ਬਣਿਆ ਹੋਇਆ ਹੈ। ਇਸ ਮਗਰੋਂ ਗੁਰੂ ਜੀ ਹਲਦਵਾਨੀ (81 ਕਿਲੋਮੀਟਰ ਦੂਰ) ਗਏ। ਇੱਥੇ ਪੜਾਅ ਕਰਨ ਮਗਰੋਂ ਗੁਰੂ ਸਾਹਿਬ ਗੋਰਖਮੱਤਾ (ਹੁਣ ਨਾਨਕਮੱਤਾ) ਵਲ ਚਲ ਪਏ। ਰਸਤੇ ਵਿਚ ਆਪ ਦਰਿਆ ਦੇ ਕੰਢੇ ‘ਤੇ ਇਕ ਪਿੰਡ ਚੌੜਾ ਪਿੱਤਾ ਕੋਲ ਰੁਕੇ। (ਹਲਦਵਾਨੀ ਤੋਂ ਰੀਠਾ ਸਾਹਿਬ ਦਾ ਕੱਚਾ ਰਸਤਾ 50 ਕੂ ਕਿਲੋਮੀਟਰ ਹੈ; ਪਰ ਪੱਕੀ ਸੜਕ ਦਾ ਰਸਤਾ ਕਾਠਗੋਦਾਮ, ਭੀਮਤਾਲ ਤੇ ਪੱਟੀ ਟਾਊਨ ਦੇ ਰਸਤੇ ਵੱਲੋਂ ਆਉਣਾ ਪੈਂਦਾ ਹੈ ਜੋ ਕਿ ਤਕਰੀਬਨ 160 ਕਿਲੋਮੀਟਰ ਬਣਦਾ ਹੈ)।

ਮੌਜੂਦਾ ਗੁਰਦੁਆਰਾ ਰੀਠਾ ਸਾਹਿਬ ਉਹ ਇਲਾਕਾ ਹੈ ਜਿਥੇ ਕਈ ਪਾਸੇ ਮਿੱਠੇ ਰੀਠਿਆਂ ਦੇ ਕੁਝ ਦਰਖ਼ਤ ਹਨ। ਇਸ ਇਲਾਕੇ ਵਿਚ ਕੋਈ ਖ਼ੁਰਾਕ ਨਾ ਮਿਲ ਸਕਣ ਕਾਰਨ ਗੁਰੂ ਸਾਹਿਬ ਅਤੇ ਭਾਈ ਮਰਦਾਨਾ ਨੇ ਜੰਗਲੀ ਕੰਦ-ਮੂਲ ਅਤੇ ਮਿੱਠੇ ਰੀਠੇ ਖਾਧੇ। (ਮਗਰੋਂ ਕਿਸੇ ਲੇਖਕ ਨੇ ਗੁਰੂ ਸਾਹਿਬ ਵੱਲੋਂ ਰੀਠੇ ਮਿੱਠੇ ਕਰਨ ਦੀ ‘ਕਰਾਮਾਤ’ ਦੀ ਕਹਾਣੀ ਘੜ ਲਈ)। .ਹੁਣ ਵੀ ਇਸ ਇਲਾਕੇ ਵਿਚ ਮਿੱਠੇ ਰੀਠਿਆਂ ਦੇ ਕੁਝ ਦਰਖ਼ਤ ਮੌਜੂਦ ਹਨ। ਇਸ ਗੁਰਦੁਆਰੇ ਵਿਚ ਇਕ ਪੁਰਾਣੇ ਦਰਖ਼ਤ ਦਾ ਸੁੱਕਾ ਤਣਾ ਰਖਿਆ ਹੋਇਆ ਹੈ ਜਿਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਗੁਰੂ ਸਾਹਿਬ ਦੇ ਵੇਲੇ ਦੇ ਦਰਖ਼ਤ ਦੀ ਨਿਸ਼ਾਨੀ ਹੈ। ਉਂਞ ਹੁਣ ਗੁਰਦੁਆਰੇ ਵਿਚ ਕੁਝ ਦਰਖ਼ਤ ਨਵੇਂ ਲਗਾ ਦਿੱਤੇ ਗਏ ਹਨ।

ਇਸ ਗੁਰਦੁਆਰੇ ਵਿਚ ਆਉਣ ਵਾਲੇ ਲੋਕਾਂ (ਯਾਤਰੀਆਂ) ਨੂੰ ਮਿੱਠੇ ਰੀਠੇ ਦਾ ਫਲ ‘ਪ੍ਰਸ਼ਾਦ’ ਦੇ ਨਾ ‘ਤੇ ਦਿੱਤਾ ਜਾਂਦਾ ਹੈ। ਇਹ ਰੀਠੇ ਉਨ੍ਹਾਂ ਲੋਕਾਂ ਤੋਂ ਖਰੀਦੇ ਜਾਂਦੇ ਹਨ ਜਿਨ੍ਹਾਂ ਦੀਆਂ ਜ਼ਮੀਨਾਂ ਵਿਚ ਰੀਠਿਆਂ ਦੇ ਦਰਖ਼ਤ ਹਨ। ਸਭ ਤੋਂ ਵਧ ਰੀਠੇ ਇਕ ਜ਼ਮੀਂਦਾਰ ਤੋਂ ਖਰੀਦੇ ਜਾਂਦੇ ਹਨ, ਜਿਸ ਦੀ ਗੁਰਦੁਆਰੇ ਤੋਂ ਪੰਜ ਕੂ ਕਿਲੋਮੀਟਰ ਪਹਿਲਾਂ ਕਾਫ਼ੀ ਜ਼ਮੀਨ ਹੈ ਅਤੇ ਉਸ ਕੋਲ ਮਿੱਠੇ ਰੀਟਿਆਂ ਵਾਲੇ ਇਕ-ਦੋ ਦਰਖ਼ਤ ਹਨ, ਜੋ ਬਹੁਤ ਫਲ ਦੇਂਦੇ ਹਨ; ਉਹ ਕਮੇਟੀ ਨੂੰ ਡੇਢ ਤੋਂ ਦੋ ਰੁਪੈ ਦਾ ਇਕ ਰੀਠਾ ਵੇਚਦਾ ਹੈ। (ਇੱਥੇ ਨੇੜੇ ਹੀ ਹੁਣ ਗੁਰਦੁਆਰਾ ਕਮੇਟੀ ਨੇ ਵੀ ਰੀਠਿਆਂ ਦਾ ਇਕ ਬਾਗ਼ ਲਾਇਆ ਹੈ ਜਿਸ ਵਿਚ ਰੀਠਆਂ ਦੇ ਦਰਖ਼ਤ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ)। ਰੀਠਾ ਸਾਹਿਬ ਵਾਲੀ ਸਾਖੀ ਕਦੋਂ ਘੜੀ ਗਈ ਕਿਹਾ ਨਹੀਂ ਜਾ ਸਕਦਾ ਕਿਉਂ ਕਿ ਇਹ ਸਾਖੀ ਬਾਲੇ ਵਾਲੀ ਜਨਮਸਾਖੀ, ਮਿਹਰਬਾਨ ਵਾਲੀ ਜਨਮਸਾਖੀ, ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ (ਦਰਅਸਲ ਸਰੂਪ ਸਿੰਘ ਨਿਰਮਲਾ ਦੀ ਲਿਖੀ) ਤੇ ਵਿਲਾਇਤ ਵਾਲੀ ਜਨਮਸਾਖੀ ਜਾਂ ਕਿਸੇ ਵੀ ਪੁਰਾਣੇ ਸੋਮੇ ਵਿਚ ਨਹੀਂ ਹੈ। ਵਿਲਾਇਤ ਵਾਲੀ ਜਨਮਸਾਖੀ ਵਿਚ ਨਾਨਕਮੱਤਾ ਵਾਲੀ ਸਾਖੀ ਜ਼ਰੂਰ ਹੈ। ਇੰਞ ਹੀ ਬਾਲਾ ਜਨਮਸਾਖੀ ਵਿਚ ਢਾਕੇ ਵੱਲ ਇਕ ਜਗਹ ‘ਤੇ ਗੁਰੂ ਜੀ ਤੇ ਭਾਈ ਮਰਦਾਨੇ ਵੱਲੋਂ ਖੱਖੜੀਆਂ ਖਾ ਕੇ ਗੁਜ਼ਾਰਾ ਕਰਨ ਦਾ ਜ਼ਿਕਰ ਜ਼ਰੂਰ ਮਿਲਦਾ ਹੈ।

3. ਗੁਰੂ ਸਾਹਿਬ ਦੇ ਵੇਈਂ ਵਿਚ ਤਿੰਨ ਦਿਨ ਰਹਿਣ ਦਾ ਸੱਚੋ ਸੱਚ

ਗੁਰੂ ਨਾਨਕ ਸਾਹਿਬ ਸਤੰਬਰ 1504 ਵਿਚ ਸੁਲਤਾਨਪੁਰ ਲੋਧੀ ਵਿਚ ਮੋਦੀ ਬਣ ਕੇ ਗਏ। ਆਪ ਦੀ ਤਬੀਅਤ ਬਚਪਨ ਤੋਂ ਹੀ ਦਿਆਨਦਾਰੀ ਭਰੀ, ਦਾਨਿਸ਼ਮੰਦੀ ਵਾਲੀ, ਫ਼ਕੀਰਾਨਾ ਅਤੇ ਇਨਸਾਨੀ ਹਮਦਰਦੀ ਵਾਲੀ ਸੀ। ਇਸ ਕਰ ਕੇ ਆਪ ਮੋਦੀ ਖਾਨੇ ਦੀ ਸੇਵਾ ਦੌਰਾਨ, ਗ਼ਰੀਬਾਂ, ਲੋੜਵੰਦਾਂ ਅਤੇ ਕਮਜ਼ੋਰਾਂ ਦੀ ਬੜੀ ਮਦਦ ਕਰਿਆ ਕਰਦੇ ਸਨ। ਆਪ ਹਮੇਸ਼ਾ ਆਪਣੀ ਆਮਦਨ ਦਾ ਦਸਵੰਧ ਕੱਢਿਆ ਕਰਦੇ ਸਨ ਅਤੇ ਉਸ ਨੂੰ ਜ਼ਰੂਰਤਮੰਦ ਲੋਕਾਂ ’ਤੇ ਖ਼ਰਚ ਕਰ ਦਿਆ ਕਰਦੇ ਸਨ। ਕਦੇ-ਕਦੇ ਤਾਂ ਉਹ ਦਸਵੰਧ ਤੋਂ ਵੀ ਵਧੇਰੇ ਖਰਚ ਕਰ ਦੇਂਦੇ ਸਨ। ਵਿਹਲੇ ਵੇਲੇ ਵਿਚ ਆਪ ਲੋਕਾਂ ਨੂੰ ਧਾਰਮਿਕ ਅਤੇ ਰੂਹਾਨੀ ਇਲਮ ਵੀ ਦਿਆ ਕਰਦੇ ਸਨ। ਦੂਰ-ਦੂਰ ਤੋਂ ਭਗਤ, ਸੂਫ਼ੀ, ਆਲਮ-ਫ਼ਾਜ਼ਲ ਲੋਕ, ਵਿਚਾਰਾਂ ਕਰਨ ਵਾਸਤੇ, ਗੁਰੂ ਸਾਹਿਬ ਕੋਲ ਆਉਣ ਲਗ ਪਏ। ਮੋਦੀ ਹੋਣ ਕਰ ਕੇ ਆਪ ਕੋਲ ਸੁਲਤਾਨਪੁਰ ਰਿਆਸਤ ਦੇ ਸੈਂਕੜੇ ਪਿੰਡਾਂ ਦੇ ਚੌਧਰੀ, ਨੰਬਰਦਾਰ ਤੇ ਜਗੀਰਦਾਰ ਵੀ ਮਾਲੀਆ ਜਮ੍ਹਾ ਕਰਵਾਉਣ ਆਉਂਦੇ ਹੁੰਦੇ ਸਨ। ਇਨ੍ਹਾਂ ਨਾਲ ਵੀ ਗੁਰੂ ਸਾਹਿਬ ਧਰਮ, ਰੂਹਾਨੀਅਤ ਤੇ ਇਨਸਾਨੀਅਤ ਬਾਰੇ ਗੱਲਾਂ ਕਰਦੇ ਰਹਿੰਦੇ ਸਨ। ਇਹ ਸਾਰੇ ਗੁਰੂ ਨਾਨਕ ਸਾਹਿਬ ਦੇ ਮੁਰੀਦ ਬਣ ਚੁਕੇ ਸਨ। ਇਹ ਚੌਧਰੀ ਸਰਕਾਰੀ ਕੰਮ ਤੋਂ ਬਿਨਾ ਵੀ ਸੁਲਤਾਨਪੁਰ ਆ ਕੇ ਕਈ-ਕਈ ਦਿਨ ਗੁਰੂ ਸਾਹਿਬ ਕੋਲ ਰਿਹਾ ਕਰਦੇ ਸਨ। ਹਰ ਰੋਜ਼ ਬੇਈਂ ਨਦੀ ਦੇ ਕੰਢੇ (ਜਿੱਥੇ ਅਜ ਕਲ੍ਹ ਗੁਰਦੁਆਰਾ ਬੇਰ ਸਾਹਿਬ ਹੈ) ਆਪ ਦੀਵਾਨ ਸਜਾਇਆ ਕਰਦੇ ਸਨ। ਗੁਰੂ ਨਾਨਕ ਸਾਹਿਬ ਦਾ ਗਲਾ ਬੜਾ ਸੁਰੀਲਾ ਸੀ; ਆਪ ਕੀਰਤਨ ਬਹੁਤ ਵਧੀਆ ਕਰਦੇ ਸਨ। ਹੌਲੀ-ਹੌਲੀ ਸੁਲਤਾਨਪੁਰ ਵਿਚ ਬਹੁਤ ਸਾਰੇ ਸਰਕਾਰੀ ਅਹਿਲਕਾਰ, ਚੌਧਰੀ, ਆਲਮ-ਫ਼ਾਜ਼ਲ, ਫ਼ਕੀਰ, ਕਿਸਾਨ ਅਤੇ ਦੂਜੇ ਲੋਕ ਆਪ ਦੇ ਮੁਰੀਦ ਬਣ ਗਏ। ਇਸ ਤੋਂ ਇਲਾਵਾ ਆਲੇ ਦੁਆਲੇ ’ਚੋਂ ਵੀ ਬਹੁਤ ਸਾਰੇ ਲੋਕ ਆਪ ਜੀ ਦੇ ਸਿੱਖ, ਸ਼ਰਧਾਲੂ, ਬਣ ਗਏ। ਇਨ੍ਹਾਂ ਵਿਚ ਪਿੰਡ ਮਲਸੀਆਂ (ਜਲੰਧਰ) ਦਾ ਚੌਧਰੀ ਭਾਈ ਭਗੀਰਥ ਤੇ ਕਈ ਹੋਰ ਚੌਧਰੀ ਵੀ ਸਨ ਜੋ ਸਰਕਾਰੀ ਕੰਮਾਂ ਵਾਸਤੇ ਸੁਲਤਾਨਪੁਰ ਆਉਂਦੇ ਹੁੰਦੇ ਸਨ।

ਇਕ ਦਿਨ ਗੁਰੂ ਸਾਹਿਬ ਵੇਈਂ ਨਦੀ ’ਚ ਨਹਾਉਣ ਗਏ। ਨਹਾਉਣ ਮਗਰੋਂ ਉਹ ਵੇਈਂ ਦੇ ਦੂਜੇ ਕੰਢੇ ਦੂਰ ਸੰਘਣੇ ਦਰਖਤਾਂ ਦੇ ਝੁੰਡ ਹੇਠ ਜਾ ਬੈਠੇ ਤੇ ਸੋਚਾਂ ਵਿਚ ਮਗਨ ਹੋ ਗਏ। ਆਪ ਦੇ ਮਨ ਵਿਚ ਖ਼ਿਆਲ ਆਇਆ ਕਿ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਸੱਚੇ ਧਰਮ ਦਾ ਪਰਚਾਰ ਕਰਨ ਦਾ ਸਮਾਂ ਆ ਗਿਆ ਹੈ। ਆਪ ਨੇ ਇਸ ਸਬੰਧ ਵਿਚ ਤਰਕੀਬ ਬਣਾਉਣੀ ਸ਼ੁਰੂ ਕਰ ਦਿਤੀ; ਆਪ ਕਈ ਘੜੀਆਂ ਉੱਥੇ ਹੀ ਬੈਠੇ ਰਹੇ। ਉਧਰ ਜਿਨ੍ਹਾਂ ਲੋਕਾਂ ਨੇ ਗੁਰੂ ਸਾਹਿਬ ਨੂੰ ਨਹਾਉਣ ਵਾਸਤੇ ਨਦੀ ਵਿਚ ਵੜਦਿਆਂ ਦੇਖਿਆ ਸੀ ਤੇ ਜਦ ਗੁਰੂ ਜੀ ਕਾਫ਼ੀ ਦੇਰ ਵਾਪਿਸ ਨਾ ਆਏ ਤਾਂ ਲੋਕਾਂ ਨੇ ਇਹ ਸੋਚਿਆ ਕਿ ਗੁਰੂ ਜੀ ਡੁੱਬ ਗਏ ਹੋਣਗੇ।ਸ਼ਾਮ ਗਏ ਜਦੋਂ ਕੁਝ ਲੋਕ ਉਧਰੋਂ ਲੰਘੇ ਤਾਂ ਉਨ੍ਹਾਂ ਗੁਰੂ ਸਾਹਿਬ ਨੂੰ ਸੋਚਾਂ ਵਿਚ ਲੀਨ ਹੋਏ ਬੈਠੇ ਵੇਖਿਆ। ਉਨ੍ਹਾਂ ਲੋਕਾਂ ਨੇ ਗੁਰੂ ਸਾਹਿਬ ਨਾਲ ਬਚਨ ਕੀਤੇ। ਇਸ ਮਗਰੋਂ ਗੁਰੂ ਸਾਹਿਬ ਆਪਣੇ ਘਰ ਮੁੜ ਆਏ ਤੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਅਕਾਲ ਪੁਰਖ ਦਾ ਹੁਕਮ ਹੋਇਆ ਹੈ ਕਿ ਉਹ ਨਵੇਂ ਪੰਥ ਦਾ ਪਰਚਾਰ ਕਰਨ ਵਾਸਤੇ ਉਦਾਸੀ (ਪ੍ਰਚਾਰ ਦੌਰੇ) ਸ਼ੁਰੂ ਕਰਨ। ਉਨ੍ਹਾਂ ਨੇ ਪਤਨੀ ਅਤੇ ਬੱਚਿਆਂ ਦੇ ਖਰਚੇ ਵਾਸਤੇ ਸਾਰੇ ਪੈਸੇ ਆਪਣੇ ਸਹੁਰੇ ਨੂੰ ਸੰਭਾਲ ਦਿਤੇ ਅਤੇ ਆਪ ਮਿਸ਼ਨਰੀ ਸੇਵਾ ਵਾਸਤੇ ਤਿਆਰ ਹੋ ਗਏ। ਗੁਰੂ ਜੀ ਨੇ ਉਦਾਸੀ ਪਹਿਰਾਵਾ ਪਹਿਣ ਲਿਆ ਅਤੇ ਭਾਈ ਮਰਦਾਨਾ ਨੂੰ ਵੀ ਇਸੇ ਪਹਿਰਾਵੇ ਵਿਚ ਨਾਲ ਲੈ ਕੇ ਸਿੱਖ ਧਰਮ ਦੇ ਪਰਚਾਰ ਵਾਸਤੇ ਟੁਰ ਪਏ।

ਇਕ ਲੇਖਕ ਮੁਤਾਬਿਕ ਗੁਰੂ ਸਾਹਿਬ ਵੇਈਂ ਨਦੀ ਵਿਚ 3 ਦਿਨ ਰਹੇ ਸਨ (ਮਿਹਰਬਾਨ ਵਾਲੀ ਜਨਮਸਾਖੀ ਤੇ ਵਿਲਾਇਤ ਵਾਲੀ ਜਨਮਸਾਖੀ) ਅਤੇ ਇਕ ਹੋਰ ਲੇਖਕ ਮੁਤਾਬਿਕ ਆਪ 8 ਦਿਨ (ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ; ਦਰਅਸਲ ਸਰੂਪ ਸਿੰਘ ਨਿਰਮਲਾ ਦੀ ਲਿਖੀ ਹੋਈ) ਨਦੀ ਵਿਚ ਵੜੇ ਰਹੇ, ਜੋ ਸਹੀ ਨਹੀਂ ਹੈ। ਇਨ੍ਹਾਂ ਲੇਖਕਾਂ ਮੁਤਾਬਿਕ ਗੁਰੂ ਜੀ ਨਦੀ ਵਿਚ ਵੜਨ ਮਗਰੋਂ ਅਕਾਲ ਪੁਰਖ ਦੇ ਦਰਬਾਰ ਵਿਚ ਜਾ ਪੁੱਜੇ ਸਨ। ਉਨ੍ਹਾਂ ਦੇ ‘ਵਾਹਿਗੁਰੂ’ ਦੇ ਦਰਬਾਰ ਵਿਚ ਜਾ ਕੇ ਵੇਈਂ ਨਦੀ ਵਿਚ ਤਿੰਨ ਜਾਂ ਅੱਠ ਦਿਨ ਲੁਕੇ ਰਹਿਣ ਦੀ ਕਹਾਣੀ ਕਿਸੇ ਪੱਖ ਤੋਂ ਵੀ ਸਹੀ ਨਹੀਂ ਜਾਪਦੀ। ਇਕ ਪਾਸੇ ਤਾਂ ਇਹ ਲੇਖਕ ਗੁਰੂ ਨਾਨਕ ਸਾਹਿਬ ਨੂੰ ‘ਨਾਰਾਇਣ’ ਅਤੇ’ ਰੱਬ ਦਾ ਅਵਤਾਰ’ (ਯਾਨਿ ਰੱਬ ਆਪ) ਲਿਖਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਨੂੰ ‘ਰੱਬ’ ਦੇ ਦਰਬਾਰ ਵਿਚ ਹਾਜ਼ਰ ਵੀ ਕਰ ਦੇਂਦੇ ਹਨ। ਇਸ ਦਾ ਮਤਲਬ ਇਹ ਬਣਦਾ ਹੈ ਕਿ ਰੱਬ ‘ਦੋ’ ਸਨ ਤੇ ਇਕ ‘ਰੱਬ’ (ਗੁਰੂ ਨਾਨਕ ਸਾਹਿਬ) ਦੂਜੇ ‘ਰੱਬ’ (ਅਕਾਲ ਪੁਰਖ) ਦੇ ਦਰਬਾਰ ਵਿਚ ਹਾਜ਼ਰ ਹੋਇਆ ਸੀ (ਤੇ ਇਹ ਦਰਬਾਰ ਸ਼ਾਇਦ ‘ਬੇਈਂ’ ਨਦੀ ਦੇ ਹੇਠਾਂ ਕਿਸੇ ਜਗਹ ਸੀ)। .ਜਨਮਸਾਖੀਆਂ ਗੁਰੁ ਜੀ ਦੇ ਵੇਈਂ ਵਿਚੋਂ ਬਾਹਰ ਆਉਣ ਵਾਲੀ ਥਾਂ ਵੀ ਵੱਖ ਵੱਖ ਦਸਦੀਆਂ ਹਨ: ਬਾਲੇ ਵਾਲੀ ਜਨਮਸਾਖੀ ਮੁਤਾਬਿਕ ਗੁਰੁ ਜੀ ਜਿੱਥੋਂ ਨਿਕਲੇ ਉਥੇ ਉਨ੍ਹਾਂ ਨੇ ਦਾਤਨ ਗੱਡੀ ਸੀ (ਹੁਣ ਉਹ ਦਾਤਨ ਵਾਲੀ ਜਗਹ ਦਾ ਨਾਂ ਨਿਸ਼ਾਨ ਬਾਕੀ ਨਹੀਂ ਹੈ)। .ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ (ਦਰਅਸਲ ਸਰੂਪ ਸਿੰਘ ਨਿਰਮਲਾ ਦੀ ਲਿਖੀ) ਤੇ ਵਿਲਾਇਤ ਵਾਲੀ ਜਨਮਸਾਖੀ ਮੁਤਾਬਿਕ ਗੁਰੁ ਜੀ ਮੌਜੂਦਾ ‘ਗੁਰਦੁਆਰਾ ਸੰਤ ਘਾਟ’ ਵਾਲੀ ਥਾਂ ਤੋਂ ਬਾਹਰ ਨਹੀਂ ਨਿਕਲੇ ਸਨ ਬਲ ਕਿ ਉਥੋਂ ਨਿਕਲੇ ਸਨ ਜਿੱਥੇ ਉਹ ਵੇਈਂ ਵਿਚ ਵੜੇ ਸਨ। ਸੋ ਇਹ ਕਹਾਣੀ ਵੀ ਮਗਰੋਂ ਘੜੀ ਗਈ ਸੀ ਤੇ ‘ਗੁਰਦੁਆਰਾ ਸੰਤ ਘਾਟ’ ਵੀ ਮਗਰੋਂ ਬਣਾਇਆ ਗਿਆ ਸੀ। (ਅਜਿਹੇ ਦਰਜਨਾਂ ਨਕਲੀ ਗੁਰਦੁਆਰੇ ਹੋਰ ਜਗਹ ਵੀ ਬਣਾਏ ਗਏ ਸਨ, ਜੋ ਅੱਜ ਵੀ ਕਾਇਮ ਹਨ)।

ਸੁਲਤਾਨਪੁਰ ਵਿਚ ਗੁਰੁ ਨਾਨਕ ਸਾਹਿਬ ਦੇ ਰਹਿਣ ਦਾ ਸਮਾਂ ਵੀ ਵੱਖ-ਵੱਖ ਸਾਖੀਕਾਰਾਂ ਨੇ ਵੱਖ ਵੱਖ ਲਿਖਿਆ ਹੈ। ਬਾਲਾ ਜਨਮਸਾਖੀ ਮੁਤਾਬਿਕ ਗੁਰੁ ਜੀ ਉਥੇ ਮੱਘਰ 1540 (1483) ਤੋਂ ਮਾਘ 1543 (1586) ਤਕ ਮੋਦੀ ਰਹੇ (ਗੁਰੁ ਜੀ ਦੀ ਉਮਰ ਉਸ ਸਮੇਂ 14 ਤੋਂ 17 ਸਾਲ ਦੀ ਸੀ)। .ਮਿਹਰਬਾਨ ਵਾਲੀ ਜਨਮਸਾਖੀ ਮੁਤਾਬਿਕ ਗੁਰੁ ਜੀ ਉਥੇ 1507 ਤਕ ਸਾਲ ਰਹੇ। ਸ਼੍ਰੋਮਣੀ ਕਮੇਟੀ ਦੇ ਲੱਗੇ ਇਕ ਬੋਰਡ ਮੁਤਾਬਿਕ ਗੁਰੁ ਜੀ ਉਥੇ 14 ਸਾਲ ਤੋਂ ਵਧ ਸਮਾਂ ਰਹੇ ਸਨ।

4. ਪੰਜਾ ਸਾਹਿਬ ਦੀ ਸਾਖੀ ਦਾ ਸੱਚੋ ਸੱਚ

ਹਸਨ ਅਬਦਾਲ ਕਿਸੇ ਵੇਲੇ ਬੋਧੀਆਂ ਦਾ ਇਕ ਮਸ਼ਹੂਰ ਸੈਂਟਰ ਸੀ। ਅੱਜ ਵੀ ਉਸ ਸਾਰੇ ਇਲਾਕੇ ਵਿਚ ਬੋਧੀਆਂ ਦੇ ਸਤੂਪਾਂ ਦੇ ਖੰਡਰ ਨਜ਼ਰ ਆਉਂਦੇ ਹਨ। ਇਕ ਰਿਵਾਇਤ ਮੁਤਾਬਿਕ ਕਿਸੇ ਜ਼ਮਾਨੇ ਵਿਚ ਹਸਨ ਅਬਦਾਲ ਵਿਚ ਹਸਨ ਨਾਂ ਦਾ ਇਕ ਗੁੱਜਰ ਰਹਿੰਦਾ ਸੀ ਜੋ ਸ਼ਾਇਦ ਅਬਦਾਲ (ਅਫ਼ਗਾਨਿਸਤਾਨ) ਦਾ ਰਹਿਣ ਵਾਲਾ ਸੀ। ਉਸ ਨੇ ਮੁਸਾਫ਼ਿਰਾਂ ਵਾਸਤੇ ਇਕ ਸਰਾਂ ਬਣਾਈ ਹੋਈ ਸੀ। ਇਸ ਪਾਸੇ ਵਿਚ ਜਾਣ ਵਾਲੇ ਵਪਾਰੀ ਇਸ ਸਰਾਂ ਵਿਚ ਠਹਿਰਿਆ ਕਰਦੇ ਸਨ। ਹੌਲੀ-ਹੌਲੀ ਹਸਨ ਦੀ ਸਰਾਂ ਦਾ ਆਲਾ ਦੁਆਲਾ ਆਬਾਦ ਹੋਣ ਲਗ ਪਿਆ। ਇਸ ਕਰ ਕੇ ਇਸ ਪਿੰਡ ਦਾ ਨਾਂ ‘ਹਸਨ ਅਬਦਾਲ’ ਬਣ ਗਿਆ। ਇਕ ਰਿਵਾਇਤ ਮੁਤਾਬਿਕ ਹਸਨ ਗੁਰੂ ਨਾਨਕ ਸਾਹਿਬ ਦੇ ਵੇਲੇ ਵੀ ਜਿਊਂਦਾ ਸੀ ਅਤੇ ਗੁਰੂ ਨਾਨਕ ਸਾਹਿਬ ਅਤੇ ਹਸਨ ਵਿਚਕਾਰ ਚਰਚਾ ਵੀ ਹੋਈ ਸੀ। ਹਸਨ ਨੇ ਪਿਆਰ ਨਾਲ ਗੁਰੂ ਸਾਹਿਬ ਤੇ ਭਾਈ ਮਰਦਾਨਾ ਨੂੰ ਦੁਧ ਵੀ ਛਕਾਇਆ ਸੀ।ਇਕ ਸਾਖੀ ਮੁਤਾਬਿਕ ਹਸਨ ਅਬਦਾਲ ਦੇ ਬਾਹਰ ਇਕ ਪਹਾੜ ’ਤੇ ਇਕ ਮੁਸਲਮਾਨ ਫ਼ਕੀਰ ਕੰਧਾਰੀ ਰਹਿੰਦਾ ਸੀ। ਅਜਿਹਾ ਜਾਪਦਾ ਹੈ ਕਿ ਉਹ ਕੱਟੜ ਮੁਸਲਮਾਨ ਸੀ। ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਉਸ ਨੂੰ ਵੀ ਮਿਲਣ ਗਏ। ਕੰਧਾਰੀ ਨੇ ਗੁਰੂ ਸਾਹਿਬ ਸਾਹਿਬ ਤੇ ਭਾਈ ਮਰਦਾਨਾ ਦਾ ਆਉਣਾ ਪਸੰਦ ਨਾ ਕੀਤਾ। ਹੋਰ ਤਾਂ ਹੋਰ ਉਸ ਨੇ ਭਾਈ ਮਰਦਾਨਾ ਨੂੰ ਪਾਣੀ ਵੀ ਪੀਣ ਨਾ ਦਿਤਾ। ਗੁਰੂ ਸਾਹਿਬ ਤੇ ਭਾਈ ਮਰਦਾਨਾ ਪਹਾੜ ਤੋਂ ਉਤਰ ਕੇ ਹੇਠਾਂ ਉਸ ਜਗਹ ਤੇ ਆ ਬੈਠੇ ਜਿੱਥੇ ਹੁਣ ਪਾਣੀ ਦਾ ਚਸ਼ਮਾ ਹੈ। ਇਕ ਰਿਵਾਇਤ ਮੁਤਾਬਿਕ ਇਹ ਚਸ਼ਮਾ ਗੁਰੂ ਨਾਨਕ ਸਾਹਿਬ ਨੇ ਪਰਗਟ ਕੀਤਾ ਸੀ। ਭਾਈ ਮਰਦਾਨਾ ਨੇ ਜਲ ਛਕਿਆ। ਗੁਰੂ ਸਾਹਿਬ ਨੇ ਉੱਥੇ ਬੈਠ ਕੇ ਕੀਰਤਨ ਸ਼ੁਰੂ ਕਰ ਦਿਤਾ। ਕੀਰਤਨ ਸੁਣਨ ਵਾਸਤੇ ਸਾਰੇ ਮੁਕਾਮੀ ਲੋਕ ਇਕਠੇ ਹੋ ਗਏ। ਸਾੜੇ ਵਿਚ ਆ ਕੇ ਕੰਧਾਰੀ ਨੇ ਪਹਾੜ ਤੋਂ ਇਕ ਵੱਡਾ ਸਾਰਾ ਪੱਥਰ ਗੁਰੂ ਸਾਹਿਬ ਵਲ ਰੇੜਿਆ। ਉਹ ਪੱਥਰ ਰਿੜ੍ਹਦਾ-ਰਿੜ੍ਹਦਾ ਉਸ ਜਗਹ ਦੇ ਨੇੜੇ ਪਹੁੰਚ ਗਿਆ ਜਿੱਥੇ ਗੁਰੂ ਸਾਹਿਬ ਬੈਠੇ ਸਨ। ਗੁਰੂ ਸਾਹਿਬ ਨੇ ਉਸ ਪੱਥਰ ਨੂੰ ਹੱਥ ਨਾਲ ਰੋਕ ਲਿਆ।

ਇਸ ਘਟਨਾ ਨੂੰ ਯਾਦਗਾਰੀ ਬਣਾਉਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੇ ਇਕ ਪੱਥਰ ਤੇ ਪੰਜਾ ਉਕਰਵਾ ਕੇ, ਉਸ ਨੂੰ ਚਸ਼ਮੇ ਦੇ ਨੇੜੇ ਰਖ ਦਿਤਾ ਤੇ ਉੱਥੇ ਇਕ ਗੁਰਦੁਆਰਾ ਬਣਾ ਦਿਤਾ। ਮਗਰੋਂ ਇਸ ਨੂੰ ਉੱਥੋਂ ਚੁਕ ਕੇ ਚਸ਼ਮੇ ਵਿਚ ਜੜ ਦਿਤਾ ਗਿਆ। ਸੰਨ 1835 ਵਿਚ ਜਰਮਨ ਦਾ ਇਕ ਯਾਤਰੀ ਬੈਰਨ ਚਾਰਲਸ ਹਿਊਗਲ ਇਸ ਜਗਹ ਤੋਂ ਲੰਘਿਆ ਸੀ। 27 ਦਸੰਬਰ 1835 ਤਕ ਇਹ ਪੱਥਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੀ ਜਗਹ ਦੇ ਨੇੜੇ ਪਿਆ ਸੀ। (ਇਸ ਦਾ ਜ਼ਿਕਰ ਹਿਊਗਲ ਨੇ ਆਪਣੀ ਕਿਤਾਬ Travels in Kashmir and Punjab  ਵਿਚ ਕੀਤਾ ਹੈ)। .ਗੁਰੂ ਨਾਨਕ ਸਾਹਿਬ ਦੇ ਪੰਜਾ ਸਾਹਿਬ ਜਾਣ ਅਤੇ ਪੰਜੇ ਨਾਲ ਪੱਥਰ ਰੋਕਣ ਵਾਲੀ ਸਾਖੀ ਨਾ ਤਾਂ ਭਾਈ ਬਾਲੇ ਵਾਲੀ ਜਨਮਸਾਖੀ ਵਿਚ ਹੈ ਤੇ ਨਾ ਹੀ ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਂਦੀ (ਦਰਅਸਲ ਸਰੂਪ ਸਿੰਘ ਨਿਰਮਲਾ ਦੀ ਲਿਖੀ) ਜਨਮਸਾਖੀ ਵਿਚ ਹੈ। ਇੰਞ ਹੀ ਮਿਹਰਬਾਨ ਵਾਲੀ ਤੇ ਵਿਲਾਇਤ ਵਾਲੀ ਜਨਮਸਾਖੀਆਂ ਵੀ ਇਸ ਘਟਨਾ ਦਾ ਜ਼ਿਕਰ ਨਹੀਂ ਕਰਦੀਆਂ। ਬਾਲੇ ਵਾਲੀ ਜਨਮਸਾਖੀ ਵਿਚ ਗੁਰੂ ਨਾਨਕ ਸਾਹਿਬ ਅਤੇ ਕੰਧਾਰੀ ਫ਼ਕੀਰ ਦੇ ਮਿਲਣ ਦਾ ਜ਼ਿਕਰ ਹੈ ਪਰ ਉਹ ਘਟਨਾ ਵੀ ਹਸਨ ਅਬਦਾਲ ਪਿੰਡ ਵਿਚ ਨਹੀਂ ਦਿਖਾਈ ਗਈ। ਇਸ ਮੁਤਾਬਿਕ ਗੁਰੂ ਨਾਨਕ ਸਾਹਿਬ ਵਲੀ ਕੰਧਾਰੀ ਨੂੰ ਕੰਧਾਰ ਵਿਚ ਮਿਲਦੇ ਹਨ (ਪਰ ਉਸ ਸਾਖੀ ਵਿਚ ਪਾਣੀ ਜਾਂ ਚਸ਼ਮਾ ਦਾ ਜ਼ਰਾ ਮਾਸਾ ਵੀ ਜ਼ਿਕਰ ਨਹੀਂ ਹੈ)।. ਇਸ ਸਾਖੀ ਦਾ ਲੇਖਾ ਜੋਖਾ ਕਰੀਏ ਤਾਂ ਇਹ ਸਿੱਟਾ ਨਿਕਲਦਾ ਹੈ ਕਿ ਹਸਨ ਅਬਦਾਲ ਵਾਲਾ ਚਸ਼ਮਾ ਕਈ ਹਜ਼ਾਰ ਸਾਲ ਪੁਰਾਣਾ ਹੈ। ਇੱਥੇ ਬੋਧੀਆਂ ਦਾ ਇਕ ਮਸ਼ਹੂਰ ਸੈਂਟਰ ਸੀ। ਅਜਿਹਾ ਜਾਪਦਾ ਹੈ ਕਿ ਗੁਰੂ ਨਾਨਕ ਸਾਹਿਬ ਆਪਣੇ ਮਿਸ਼ਨਰੀ ਦੌਰੇ ਵੇਲੇ ਇੱਥੇ ਆਏ ਸਨ ਅਤੇ ਉਨ੍ਹਾਂ ਨੇ ਮੁਸਲਮਾਨਾਂ ਤੋਂ ਇਲਾਵਾ ਬੋਧੀਆਂ ਅਤੇ ਆਮ ਲੋਕਾਂ ਨਾਲ ਵੀ ਧਰਮ ਚਰਚਾ ਕੀਤੀ ਸੀ। ਸਾਰਿਆਂ ਨੇ ਗੁਰੂ ਸਾਹਿਬ ਦੀ ਅਜ਼ਮਤ ਅੱਗੇ ਸਿਰ ਝੁਕਾਇਆ ਸੀ। ਉਦੋਂ ਵਲੀ ਕੰਧਾਰੀ, ਜੋ ਇਕ ਕਟੜ ਸ਼ੀਆ ਮੁਸਲਮਾਨ ਸੀ, ਨੇੜੇ ਦੀ ਪਹਾੜੀ ਦੇ ਉੱਪਰ ਰਹਿੰਦਾ ਸੀ। ਉਸ ਨੂੰ ਲੋਕਾਂ ਵੱਲੋਂ ਗੁਰੂ ਨਾਨਕ ਸਾਹਿਬ ਦੀਆਂ ਸਿਫ਼ਤਾਂ ਪਸੰਦ ਨਾ ਆਈਆਂ ਤੇ ਉਸ ਨੇ ੳੁੱਪਰੋਂ ਇਕ ਵੱਡਾ ਸਾਰਾ ਪੱਥਰ ਗੁਰੂ ਸਾਹਿਬ ਦੇ ਬੈਠਣ ਦੀ ਜਗਹ ਵਲ ਰੇੜ੍ਹਿਆ। ਜਦੋਂ ਉਹ ਪੱਥਰ ਗੁਰੂ ਸਾਹਿਬ ਦੇ ਨੇੜੇ ਆਇਆ ਤਾਂ ਗੁਰੂ ਸਾਹਿਬ ਨੇ ਉਸ ਨੂੰ ਹੱਥ ਨਾਲ ਰੋਕ ਲਿਆ। ਮਗਰੋਂ ਰਿਵਾਇਤ ਦਾ ਰੂਪ ਬਦਲਦਾ ਗਿਆ ਤੇ ਗੁਰੂ ਨਾਨਕ ਸਾਹਿਬ ਦੀ ਹਸਨ ਅਬਦਾਲ ਦੀ ਫੇਰੀ ਨੂੰ ਯਾਦਗਾਰੀ ਬਣਾਉਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੇ ਇਥੇ ਗੁਰਦੁਆਰਾ ਬਣਾ ਦਿਤਾ ਅਤੇ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਇਕ ਪੱਥਰ ਤੇ ਪੰਜਾ ਵੀ ਉਕਰਵਾ ਦਿਤਾ। ਬਾਅਦ ਵਿਚ ਇਸ ਪੱਥਰ ਨੂੰ ਚਸ਼ਮੇ ਦੇ ਨਾਲ ਚਿਣਾਈ ਕਰ ਕੇ ਪੱਕਾ ਕਰ ਦਿਤਾ ਗਿਆ। ਅਜ ਉਹ ਪੱਥਰ ਗੁਰਦੁਆਰੇ ਦੀ ਹਦੂਦ ’ਚ ਵਗਣ ਵਾਲੇ ਚਸ਼ਮੇ ਦਾ ਇਕ ਹਿੱਸਾ ਹੀ ਨਜ਼ਰ ਆਉਂਦਾ ਹੈ। ਭਾਵੇਂ ਬਹੁਤੇ ਤਵਾਰੀਖ਼ੀ ਸੋਮੇ ਗੁਰੂ ਨਾਨਕ ਸਾਹਿਬ ਦੀ ਫੇਰੀ ਦਾ ਜ਼ਿਕਰ ਨਹੀਂ ਕਰਦੇ।ਪਰ ਇਸ ਦਾ ਮਤਲਬ ਹਰਗਿਜ਼ ਇਹ ਨਹੀਂ ਕਿ ਗੁਰੂ ਸਾਹਿਬ ਉੱਥੇ ਗਏ ਹੀ ਨਹੀਂ। ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਰਿਵਾਇਤ ਕਰ ਕੇ ਹੀ ਇਹ ਗੁਰਦੁਆਰਾ ਬਣਾਇਆ ਹੋਵੇਗਾ। ਗੁਰੂ ਨਾਨਕ ਸਾਹਿਬ ਦੀ ਯਾਦ ਵਿਚ, ਬਾਰਾਮੂਲਾ ਤੋਂ ਪੰਜਾਬ ਦੇ ਰਸਤੇ ਵਿਚ, ਕਈ ਜਗਹ ਤੇ (ਉੜੀ, ਕੋਹਾਲਾ ਵਗੈਰਾ ਵਿਚ ਵੀ) ਗੁਰਦੁਆਰੇ ਬਣੇ ਹੋਏ ਹਨ। ਗੁਰੂ ਨਾਨਕ ਸਾਹਿਬ ਕਸ਼ਮੀਰ ਤੋਂ ਇਸੇ ਰਸਤੇ ਤੋਂ ਪੰਜਾਬ ਆਏ ਹੋਣਗੇ ਕਿਉਂਕਿ ਬਾਕੀ ਦੇ ਦੋਵੇਂ ਰਸਤੇ ਸਿਰਫ਼ ਗਰਮੀਆਂ ਵਿਚ ਹੀ ਖੁਲ੍ਹਦੇ ਹਨ ਤੇ ਸਾਲ  ਦੇ ਬਾਕੀ ਸਾਰੇ ਮਹੀਨੇ ਬਰਫ਼ ਪੈਣ ਕਰ ਕੇ ਬੰਦ ਰਹਿੰਦੇ ਹਨ। ਇਸ ਕਰ ਕੇ, ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਪਿੰਡ ਹਸਨ ਅਬਦਾਲ ਜ਼ਰੂਰ ਗਏ ਹੋਣਗੇ। ਇਕ ਹੋਰ ਰਿਵਾਇਤ ਮੁਤਾਬਿਕ, ਗੁਰੂ ਸਾਹਿਬ ਹਸਨ ਅਬਦਾਲ ਉਦੋਂ ਆਏ ਸਨ ਜਦੋਂ ਉਹ ਮੱਕਾ ਤੇ ਬਗਦਾਦ ਤੋਂ ਮੁੜੇ ਸਨ। ਹਸਨ ਅਬਦਾਲ ਉਦੋਂ ਇਕ ਵੱਡਾ ਨਗਰ ਸੀ। (ਜਦ 1674 ਵਿਚ ਅਫ਼ਗ਼ਾਨਾਂ ਨੇ ਬਗ਼ਾਵਤ ਕੀਤੀ ਸੀ ਤਾਂ ਔਰੰਗਜ਼ੇਬ ਉਸ ਨੂੰ ਦਬਾਉਣ ਵਾਸਤੇ ਆਪ ਫ਼ੌਜ ਲੈ ਕੇ ਆਇਆ ਸੀ ਤੇ 1676 ਤਕ, ਪੌਣੇ ਦੋ ਸਾਲ, ਇੱਥੇ ਰਿਹਾ ਸੀ)।

ਗੁਰੂ ਨਾਨਕ ਸਾਹਿਬ ਦੇ ਪੰਜ ਸੌ ਸਾਲਾ ਪੁਰਬ (1969) ਦੇ ਮੌਕੇ ‘ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਗੁਰੂ ਨਾਲ ਸਾਹਿਬ ਦੀਆਂ ਯਾਤਰਾਵਾਂ ਦੀ ਤਵਾਰੀਖ਼ ਲਿਖਵਾਉਣ ਵਾਸਤੇ ਉਚੇਚੇ ਫ਼ੰਡ ਰੱਖੇ ਅਤੇ ਇਨ੍ਹਾਂ ਯੂਨੀਵਰਸਿਟੀਆਂ ਦੇ ਪੈਸਿਆਂ ਨਾਲ ਡਾ ਕਿਰਪਾਲ ਸਿੰਘ ਤੇ ਸੁਰਿੰਦਰ ਸਿੰਘ ਕੋਹਲੀ (ਉਨ੍ਹਾਂ ਦੇ ਕਹਿਣ ਮੁਤਾਬਿਕ) ਆਪ ਸਾਰੀਆਂ ਜਗਹ ‘ਤੇ ਗਏ। ਦੋਹਾਂ ਨੇ ਇਨ੍ਹਾਂ ‘ਯਾਤਰਾਵਾਂ’ ਬਾਰੇ ਆਣੀ ਕਤਿੀ ‘ਖੋਜ’ ਦੇ ਅਧਾਰ ‘ਤੇ ਕਿਤਾਬਾਂ ਵੀ ਲਿਖੀਆਂ: (ਕਿਰਪਾਲ ਸਿੰਘ: ਜਨਮਸਾਖੀ ਪ੍ਰੰਪਰਾ, 1969; ਸੁਰਿੰਦਰ ਸਿੰਘ ਕੋਹਲੀ: ਟਰੈਵਲਜ਼ ਆਫ਼ ਗੁਰੂ ਨਾਨਕ, 1970)। .ਮੈਂ ਖ਼ੁਦ ਮਾਰਚ 2013 ਅਤੇ ਅਕਤੂਬਰ-ਨਵੰਬਰ 2013 ਵਿਚ, 20 ਹਜ਼ਾਰ ਕਿਲੋਮੀਟਰ ਸਫ਼ਰ ਕਰ ਕੇ, ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਵਾਲੀਆਂ ਬਹੁਤ ਸਾਰੀਆਂ ਜਗਹ ‘ਤੇ ਗਿਆ ਹਾਂ। ਮੈਂ ਡਾ ਕਿਰਪਾਲ ਸਿੰਘ ਤੇ ਸੁਰਿੰਦਰ ਸਿੰਘ ਕੋਹਲੀ ਦੀਆਂ ਉਪਰ ਜ਼ਿਕਰ ਕੀਤੀਆਂ ਦੋਵੇਂ ਕਿਤਾਬਾਂ ਕਈ-ਕਈ ਵਾਰ ਪੜ੍ਹੀਆਂ ਹਨ। ਮੈਨੂੰ ਬਹੁਤ ਹੈਰਾਨੀ ਹੋਈ ਕਿ ਦੋਹਾਂ ਨੇ ਨਿਰੀਆਂ ਗੱਪਾਂ ਮਾਰੀਆਂ ਹੋਈਆਂ ਹਨ ਤੇ ਜਾਪਦਾ ਹੈ ਕਿ ਉਹ ਬਹੁਤੀਆਂ ਜਗਹ ‘ਤੇ ਗਏ ਹੀ ਨਹੀਂ ਹੋਣੇ।

IMPORTANT:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸੇ ਕਿਰਪਾਲ ਸਿੰਘ ਨੂੰ ਪਿਛਲੇ ਛੇ ਸਤ ਸਾਲ ਵਿਚ ਸੰਤੋਖ ਸਿੰਘ ਦੀ  ਸੂਰਜ ਪ੍ਰਕਾਸ਼ ਦੇ ਸੰਪਾਦਨ ਦੇ ਨਾਂ 'ਤੇ 2-25 ਲੱਖ ਰੁਪੈ ਪੂਜ ਚੁਕੀ ਹੈ। ਪਿੱਛੇ ਜਿਹੇ ਸ਼੍ਰੋਮਣੀ ਕਮੇਟੀ ਇਸ ਨੂੰ ਅਖੌਤੀ 'ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਇਜ਼ਮ' ਬਣਾਉਣ ਲੱਗੀ ਸੀ। ਇਹ ਸਿਰਫ਼ ਇਸ ਕਰ ਕੇ ਹੈ ਕਿਉਂ ਕਿ ਇਹ ਲੌਂਗਵਿਾਲ ਕੋਲੋਂ 1985 ਵਿਚ ਗ਼ਦਾਰੀ ਕਰਵਾਉਣ ਵਾਲੇ ਪ੍ਰਿਥੀਪਾਲ ਸਿੰਘ ਦਾ ਸੱਕਾ ਚਾਚਾ ਹੈ ਤੇ ਪ੍ਰਿਥੀਪਾਲ ਸਿੰਘ ਕਪੂਰ ਕਦੇ ਅਵਤਾਰ ਸਿੰਘ ਮੱਕੜ ਨੂੰ ਪੜ੍ਹਾਉਂਦਾ ਰਿਹਾ ਸੀ।


hsdilgeer@yahoo.com

No comments:

Post a Comment